Thursday 22 March 2012

ਨੌਜਵਾਨ ਪੀੜ੍ਹੀ ਭਗਤ ਸਿੰਘ ਦੇ ਵਿਚਾਰਾਂ ਨੂੰ ਜਾਣ

ਲੋਕ ਕਹਿਤੇ ਹੈਂ ਕਿ ਅਕਸਰ ਬਦਲਤਾ ਹੈ ਜ਼ਮਾਨਾ,ਮਰਦ ਵੋ ਹੈਂ, ਜੋ ਜ਼ਮਾਨੇ ਕੋ ਬਦਲ ਦੇਤੇਂ ਹੈਂ।
ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੁੱਗਾ (ਹੁਣ ਪਾਕਿਸਤਾਨ) ਵਿਖੇ 27 ਦਸੰਬਰ 1907 ਨੂੰ ਪਿਤਾ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁਖੋਂ ਜਨਮ ਲੈਣ ਵਾਲੇ ਭਗਤ ਸਿੰਘ ਨੇ ਬਚਪਣ ਵਿਚ ਹੀ ਆਪਣੀ ਇਨਕਲਾਬੀ/ਕ੍ਰਾਂਤੀਕਾਰੀ ਸੋਚ ਦਾ ਉਸ ਸਮੇਂ ਹੀ ਪ੍ਰਗਟਾਵਾ ਕਰ ਦਿੱਤਾ ਸੀ, ਜਦੋਂ ਉਸ ਨੇ ਖੇਤਾਂ ਵਿਚ ਫਸਲ ਦੇ ਬੀਜ਼ਾਂ ਦੀ ਥਾਂ ਦਮੂੰਖਾਂ (ਬੰਦੂਖਾਂ) ਬੀਜਣ ਦੀ ਗੱਲ ਕੀਤੀ ਸੀ। ਮਾਂ ਦੀ ਗੋਦ ਹੀ ਬੱਚੇ ਦਾ ਪਹਿਲਾ ਸਕੂਲ ਤੇ ਮਾਂ ਪਹਿਲੀ ਅਧਿਆਪਕਾ ਹੁੰਦੀ ਹੈ, ਇਸ ਗੱਲ ਨੂੰ ਮਾਤਾ ਵਿਦਿਆਵਤੀ ਚੰਗੀ ਤਰ੍ਹਾਂ ਸਮਝਦੀ ਸੀ, ਇਸੇ ਕਾਰਨ ਹੀ ਮਾਤਾ ਵਿਦਿਆਵਤੀ ਨੇ ਵੀ ਆਪਣੇ ਨਾਂਅ ਨੂੰ ਸਾਰਥਿਕ ਕਰਦਿਆਂ ਭਗਤ ਸਿੰਘ ਨੂੰ ਬਚਪਣ ਵਿਚ ਅਜਿਹੀ ਵਿਦਿਆ ਦਿੱਤੀ ਸੀ ਕਿ ਭਗਤ ਸਿੰਘ ਜਿਥੇ ਆਪਣੀ ਭਾਰਤ ਮਾਂ ਨੂੰ ਆਜ਼ਾਦ ਕਰਵਾਉਣ ਲਈ ਭਰ ਜਵਾਨੀ ਵਿਚ ਹੀ ਫਾਂਸੀ ਦਾ ਰੱਸਾ ਚੁੰਮ ਗਿਆ,ਉਥੇ ਹੀ ਆਪਣੀਆਂ ਲਿਖਤਾਂ ਰਾਹੀਂ ਨਰੋਏ ਸਮਾਜ ਦੀ ਸਿਰਜਣਾ ਵਿਚ ਵੀ ਉੱਘਾ ਯੋਗਦਾਨ ਪਾ ਗਿਆ।
ਭਗਤ ਸਿੰਘ ਤੇ ਉਸ ਦੇ ਸਾਥੀ ਦੱਤ ਨੇ ਜਦੋਂ ਅਸੈਂਬਲੀ ਵਿਚ ਬੰਬ ਸੁੱਟੇ ਸਨ ਤਾਂ ਉਨ੍ਹਾਂ ਦਾ ਮਕਸਦ ਦਹਿਸ਼ਤ ਫੈਲਾਉਣਾ ਨਹੀਂ ਸੀ, ਸਗੋਂ ਉਹ ਅੰਗਰੇਜ਼ ਸਰਕਾਰ ਨੂੰ ਚਿਤਾਵਨੀ ਦੇਣ ਦੇ ਨਾਲ ਹੀ ਆਪਣੀ ਸੁੱਤੀ ਹੋਈ ਤੇ ਉਂਨੀਦੜੀ ਕੌਮ ਨੂੰ ਵੀ ਜਗਾਉਣਾ ਚਾਹੁੰਦੇ ਸੀ ਤਾਂ ਕਿ ਕੌਮ ਜਾਗ ਕੇ ਭਾਵ ਸੁਚੇਤ ਹੋ ਕੇ ਆਪਣੀ ਆਜ਼ਾਦੀ ਲਈ ਸੰਘਰਸ਼ ਕਰੇ ਤੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਬਾਹਰ ਕੱਢੇ ਅਤੇ ਭਾਰਤੀਆਂ ਦੇ ਮਨਾਂ ਵਿਚ ਵਸਿਆ ਹੋਇਆ ਅੰਗਰੇਜ਼ ਪੁਲਿਸ ਦਾ ਡਰ ਨਿਕਲੇ। ਅੱਜ ਜੇ ਅਸੀਂ ਆਜ਼ਾਦ ਦੇਸ਼ ਦੀ ਆਜ਼ਾਦ ਫਿਜ਼ਾ ਵਿਚ ਜੀਅ ਰਹੇ ਹਾਂ ਤਾਂ ਇਸ ਵਿਚ ਭਗਤ ਸਿੰਘ ਤੇ ਉਸ ਦੇ ਸਾਥੀ ਦੇਸ਼ ਭਗਤਾਂ ਦੀ ਉੱਘੀ ਕੁਰਬਾਨੀ ਹੈ।
ਜੇ ਹੁਣ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਤਾਂ ਕੀ, ਸਗੋਂ ਵਿਦੇਸ਼ਾਂ ਵਿਚ ਵੀ ਪੰਜਾਬੀ ਨੌਜਵਾਨ ਆਪਣੀਆਂ ਗੱਡੀਆਂ ਉਪਰ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਈ ਫਿਰਦੇ ਹਨ, ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਇਨ੍ਹਾਂ ਨੌਜਵਾਨਾਂ ਨਾਲ ਗੱਲਬਾਤ ਕਰਕੇ ਇਹ ਪਤਾ ਚਲਦਾ ਹੈ ਕਿ ਵੱਡੀ ਗਿਣਤੀ ਇਨ੍ਹਾਂ ਨੌਜਵਾਨਾਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ। ਉਹ ਤਾਂ ਸਿਰਫ ਇਹ ਹੀ ਸੋਚਦੇ ਹਨ ਕਿ ਭਗਤ ਸਿੰਘ ਨੇ ਪਿਸਤੌਲ ਚਲਾਕੇ ਠਾਹ-ਠਾਹ, ਠੂਹ-ਠੂਹ ਕਰਕੇ ਅੰਗਰੇਜ਼ ਮਾਰੇ ਸਨ। ਇਹੀ ਕਾਰਨ ਹੈ ਕਿ ਅੱਜ ਹਰ ਤੀਜੇ ਵਾਹਨ ਉਪਰ ਭਗਤ ਸਿੰਘ ਦੀ ਪਿਸਤੌਲ ਹੱਥ ਵਿਚ ਫੜੀ ਫੋਟੋ ਜਾਂ ਫਿਰ 'ਅੰਗਰੇਜ਼ ਖੰਘੇ ਸੀ ਤਾਂ ਹੀ ਤਾਂ ਟੰਗੇ ਸੀ' ਵਰਗੀ ਸ਼ਬਦਾਵਲੀ ਲਿਖੀ ਮਿਲਦੀ ਹੈ। ਸ਼ਹੀਦ ਭਗਤ ਸਿੰਘ ਦੀ ਹੱਥ ਵਿਚ ਕਿਤਾਬ ਫੜੀ ਕੋਈ ਤਸਵੀਰ ਕਿਤੇ ਵੀ ਨਜ਼ਰ ਨਹੀਂ ਆਉਂਦੀ। ਹੁਣ ਤਾਂ ਇਹ ਵੀ ਹਾਲ ਹੋ ਗਿਆ ਹੈ ਕਿ ਕਈ ਕੁੜੀਆਂ ਵੀ ਅਜਿਹੀਆਂ ਟੀ ਸ਼ਰਟਾਂ ਪਾਉਂਦੀਆਂ ਹਨ ਜਿਨ੍ਹਾਂ ਉਪਰ ਲਿਖਿਆ ਹੁੰਦਾ ਹੈ ਕਿ ਪਹਿਲਾਂ ਪਿਆਰ ਨਾਲ, ਫਿਰ ਹਥਿਆਰ ਨਾਲ। ਇਸ ਦੇ ਨਾਲ ਹੀ ਅਜਿਹੀਆਂ ਟੀ. ਸ਼ਰਟਾਂ ਉੱਪਰ ਭਗਤ ਸਿੰਘ ਜਾਂ ਹਥਿਆਰ ਦੀ ਫੋਟੋ ਹੁੰਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਅੱਜ ਵੱਡੀ ਗਿਣਤੀ ਨੌਜਵਾਨ ਭਗਤ ਸਿੰਘ ਦਾ ਸਿਰਫ ਹਿੰਸਾਤਮਕ ਪੱਖ ਹੀ ਵੇਖ ਰਹੇ ਹਨ, ਉਨ੍ਹਾਂ ਨੂੰ ਭਗਤ ਸਿੰਘ ਦੀਆਂ ਲਿਖਤਾਂ ਤੇ ਉਸ ਦੀ ਵਿਚਾਰਧਾਰਾ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ। ਇਹ ਠੀਕ ਹੈ ਕਿ ਭਗਤ ਸਿੰਘ ਗਰਮ ਸੁਰ ਵਾਲੀ ਵਿਚਾਰਧਾਰਾ ਨਾਲ ਸਬੰਧ ਰੱਖਦਾ ਸੀ, ਇਨ੍ਹਾਂ ਗਰਮ ਦਲੀਆਂ ਦੇ ਅਹਿਮ ਯੋਗਦਾਨ ਕਰਕੇ ਹੀ ਤਾਂ ਭਾਰਤ ਆਜ਼ਾਦ ਹੋਇਆ ਸੀ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਭਗਤ ਸਿੰਘ ਤੇ ਹੋਰ ਦੇਸ਼ ਭਗਤ ਚੌਵੀ ਘੰਟੇ ਹਥਿਆਰਾਂ ਨਾਲ ਫਾਇਰਿੰਗ ਹੀ ਕਰਦੇ ਰਹਿੰਦੇ ਸਨ, ਜਿਵੇਂ ਕਿ ਕਈ ਨੌਜਵਾਨ ਅੱਜ ਇਸ ਤਰ੍ਹਾਂ ਦੀਆਂ ਤਸਵੀਰਾਂ ਜਾਂ ਸ਼ਬਦਾਵਲੀ ਲਿਖ ਕੇ ਸਮਝਦੇ ਹਨ। ਭਗਤ ਸਿੰਘ ਹਥਿਆਰ ਚਲਾਉਣ ਦੇ ਨਾਲ ਹੀ ਸਾਹਿਤ ਪੜ੍ਹਨ ਦਾ ਵੀ ਸ਼ੌਕੀਨ ਸੀ। ਉਸ ਨੇ ਅਨੇਕਾਂ ਹੀ ਪ੍ਰਸਿੱਧ ਲੇਖਕਾਂ ਦੀਆਂ ਪ੍ਰਸਿੱਧ ਪੁਸਤਕਾਂ ਪੜੀਆਂ ਸਨ, ਜਿਸ ਦਾ ਪ੍ਰਭਾਵ ਉਸ ਦੀਆਂ ਲਿਖਤਾਂ ਵਿਚ ਵੀ ਮਿਲਦਾ ਹੈ।
ਅੱਜ ਜੇ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਕੀ ਹੁੰਦਾ? ਇਹ ਸਵਾਲ ਜਦੋਂ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਵਿਅਕਤੀਆਂ ਨੂੰ ਇਹ ਲੇਖ ਲਿਖਣ ਤੋਂ ਪਹਿਲਾਂ ਕੀਤਾ ਗਿਆ ਤਾਂ ਸਭ ਦੇ ਵੱਖ-ਵੱਖ ਹੀ ਵਿਚਾਰ ਸਨ ਪਰ ਇਕ ਗੱਲ ਸਭ ਦੀ ਸਾਂਝੀ ਸੀ ਕਿ ਇਸ ਸਮੇਂ ਵੀ ਭਾਰਤ ਦੀ ਜੋ ਹਾਲਤ ਹੈ, ਉਹਨੂੰ ਠੀਕ ਕਰਨ ਲਈ ਭਗਤ ਸਿੰਘ ਦੀ ਲੋੜ ਸੱਚਮੁੱਚ ਹੀ ਮਹਿਸੂਸ ਕੀਤੀ ਜਾ ਰਹੀ ਹੈ। ਹਰ ਦਫਤਰ ਵਿਚ ਹੀ ਕਥਿਤ ਤੌਰ 'ਤੇ ਫੈਲੇ ਕਥਿਤ ਭ੍ਰਿਸ਼ਟਾਚਾਰ ਜਾਂ ਸਿਫਾਰਸ਼ਾਂ ਤੋਂ ਦੁਖੀ ਇਕ ਵਿਅਕਤੀ ਦਾ ਕਹਿਣਾ ਸੀ ਕਿ ਭਗਤ ਸਿੰਘ ਅੱਜ ਹੁੰਦਾ ਤਾਂ ਸਾਨੂੰ ਆਹ ਦਿਨ ਨਾ ਦੇਖਣੇ ਪੈਂਦੇ। ਇਸੇ ਤਰ੍ਹਾਂ ਇਕ ਰੁੱਖ ਹੇਠਾਂ ਦੁਪਹਿਰ ਸਮੇਂ ਕੁਰਸੀ ਡਾਹ ਕੇ ਸਮਾਂ ਬਤੀਤ ਕਰਦੇ ਤੇ ਆਪਣੀ ਜ਼ਿੰਦਗੀ ਦੀ ਸ਼ਾਮ ਦਾ ਸਾਹਮਣਾ ਕਰ ਰਹੇ ਇਕ ਬਜ਼ੁਰਗ ਦਾ ਕਹਿਣਾ ਸੀ ਕਿ ਅੱਜ ਭਗਤ ਸਿੰਘ ਜੇ ਜਿਉਂਦਾ ਹੁੰਦਾ ਤਾਂ ਉਸ ਦਾ ਹਾਲ ਵੀ ਹੋਰਨਾਂ ਆਜ਼ਾਦੀ ਘੁਲਾਟੀਆਂ ਵਰਗਾ ਹੀ ਹੋਣਾ ਸੀ।
ਭਗਤ ਸਿੰਘ ਦੀ ਜਦੋਂ ਗੱਲ ਤੁਰਦੀ ਹੈ ਤਾਂ ਅੱਜ ਵੀ ਲਹੂ ਵਿਚ ਚੰਗਿਆੜੀਆਂ ਭਰ ਜਾਂਦੀਆਂ ਹਨ। ਅੱਜ ਦੇ ਸਮੇਂ ਵਿਚ ਨਸ਼ੇ ਦੀ ਦਲ-ਦਲ ਵਿਚ ਫਸੀ ਨੌਜਵਾਨ ਪੀੜ੍ਹੀ ਦੇ ਚਿੱਟੇ ਹੋ ਰਹੇ ਖੂਨ ਨੂੰ ਲਾਲ ਸੂਹਾ ਕਰਕੇ ਅੱਜ ਵੀ ਭਗਤ ਸਿੰਘ ਦੀ ਅਮਰਗਾਥਾ ਇਕ ਚਾਨਣ-ਮੁਨਾਰਾ ਬਣ ਕੇ ਨੌਜਵਾਨਾਂ ਨੂੰ ਸਹੀ ਰਾਹ ਦਿਖਾ ਸਕਦੀ ਹੈ। ਸ਼ਹੀਦ ਭਗਤ ਸਿੰਘ ਦੇ ਹੌਂਸਲੇ, ਦਲੇਰੀ ਤੇ ਬਹਾਦਰੀ ਤੋਂ ਉਸ ਸਮੇਂ ਦੀ ਜ਼ਾਲਮ ਪੁਲਿਸ ਅੰਗਰੇਜ਼ ਵੀ ਖੌਫ਼ ਖਾਂਦੀ ਸੀ ਤੇ ਭਗਤ ਸਿੰਘ ਦਾ ਨਾਂਅ ਸੁਣਦਿਆਂ ਹੀ ਅੰਗਰੇਜ਼ ਸਿਪਾਹੀਆਂ ਤੋਂ ਲੈ ਕੇ ਅਫ਼ਸਰਾਂ ਤੱਕ ਨੂੰ ਕਾਂਬਾ ਛਿੜ ਜਾਂਦਾ ਸੀ। ਭਰਵੇਂ ਚਿਹਰੇ ਉਪਰ ਉੱਚੀ ਮੁੱਛ ਭਗਤ ਸਿੰਘ ਦੀ ਪਹਿਚਾਣ ਸੀ ਤੇ ਉਸ ਦਾ ਰੋਹਬਦਾਰ ਚਿਹਰਾ ਆਪਣਾ ਪ੍ਰਭਾਵ ਹਰ ਵਿਅਕਤੀ ਉਪਰ ਛੱਡ ਜਾਂਦਾ ਸੀ। ਉਸ ਦੀ ਜੌਸ਼ੀਲੀ ਤਕਰੀਰ ਤਾਂ ਮੁਰਦੇ ਦਿਲਾਂ ਨੂੰ ਵੀ ਜਿਉਂਦਾ ਕਰ ਦਿੰਦੀ ਸੀ। ਇਹ ਭਗਤ ਸਿੰਘ ਹੀ ਸੀ, ਜਿਸ ਨੇ ਮੌਤ ਨੂੰ ਲਾੜੀ ਮੰਨਿਆ ਸੀ ਤੇ ਸ਼ਹੀਦਾਂ ਨੂੰ ਆਪਣੇ ਬਾਰਾਤੀ। ਹੁਣ ਮਹਾਨ ਸ਼ਹੀਦਾਂ ਦੇ ਬੁੱਤਾਂ ਨੂੰ ਸਿਰਫ ਫੁੱਲਾਂ ਦੇ ਹਾਰਾਂ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਮਾਜ ਭਲਾਈ ਤੇ ਦੇਸ਼ ਵਿਚ ਫੈਲੀਆਂ ਹੋਈਆਂ ਸਮਾਜਿਕ ਅਲਾਮਤਾਂ ਦੇ ਖ਼ਾਤਮੇ ਲਈ ਜੱਦੋ-ਜਹਿਦ ਕਰਨ ਦਾ ਅਹਿਦ ਕਰਨਾ ਸਮੇਂ ਦੀ ਲੋੜ ਵੀ ਹੈ ਤੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਨੌਜਵਾਨਾਂ ਪ੍ਰਤੀ ਸਾਡਾ ਫਰਜ਼ ਵੀ।
23 ਮਾਰਚ 1931 ਨੂੰ ਭਗਤ ਸਿੰਘ ਭਾਵੇਂ ਆਪਣੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨਾਲ ਹੱਸ-ਹੱਸ ਫਾਂਸੀ ਦਾ ਰੱਸਾ ਚੁੰਮ ਗਏ ਸਨ ਪਰ ਅੱਜ ਵੀ ਉਹ ਦੁਨੀਆ ਭਰ ਵਿਚ ਵਸਦੇ ਕਰੋੜਾਂ-ਅਰਬਾਂ ਭਾਰਤੀਆਂ ਦੇ ਦਿਲਾਂ ਵਿਚ ਜਿਉਂਦੇ ਹਨ।

No comments:

Post a Comment